BREAKING Crime पंजाब राजनीती राज्य होम

ਦੋਹਰੇ ਆਤਮਹੱਤਿਆ ਮਾਮਲੇ ਵਿੱਚ ਲੋੜੀਂਦੀ ਕਥਿਤ ਦੋਸ਼ੀ ਮਹਿਲਾ ਸਬ ਇੰਸਪੈਕਟਰ ਦਾ ਸਾਥ ਦੇਣ ਦੇ ਦੋਸ਼ ਤਹਿਤ ਤਿੰਨ ਖਿਲਾਫ ਮਾਮਲਾ ਦਰਜ

ਐਸਐਸਪੀ ਅੰਮ੍ਰਿਤਸਰ ਦਿਹਾਤੀ ਵੱਲੋ ਤਿੰਨ ਮੈਂਬਰੀ ਐਸਆਈਟੀ ਗਠਿਤ

ਪਨਾਹ ਦੇਣ ਵਾਲੇ ਸਿਪਾਹੀ ਨੂੰ ਸਸਪੈਂਡ ਕਰਨ ਦੀ ਕੀਤੀ ਸਿਫਾਰਿਸ਼

ਅੰਮ੍ਰਿਤਸਰ-20 ਅਕਤੂਬਰ-(ਸੁਦਰਸ਼ਨ) : ਬੀਤੇ ਦਿਨ੍ਹੀਂ ਵਾਪਰੇ ਦੋਹਰੇ ਆਤਮ ਹੱਤਿਆ ਮਾਮਲੇ ਵਿੱਚ ਕਥਿਤ ਦੋਸ਼ੀ ਮਹਿਲਾ ਸਬ ਇੰਸਪੈਕਟਰ ਖਿਲਾਫ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਸੀ ਪਰ ਕਰੀਬ 8-9 ਦਿਨ ਬੀਤ ਜਾਣ ਦੇ ਬਾਵਜੂਦ ਫਿਲਹਾਲ ਉਕਤ ਮਹਿਲਾ ਪੁਲਿਸ ਅਧਿਕਾਰੀ ਨੂੰ ਪੁਲਿਸ ਗ੍ਰਿਫਤਾਰ ਨਹੀ ਕਰ ਪਾਈ ਹੈ।ਦੱਸਣਯੋਗ ਹੈ ਕਿ ਬੀਤੇ ਦਿਨ੍ਹੀ ਆਤਮ ਹੱਤਿਆ ਕਰਨ ਵਾਲੇ ਮ੍ਰਿਤਕ ਜੋੜੇ ਦੀ ਬੇਟੀ ਵਲੋਂ ਫੋਨ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਸੀ, ਜਿਸ ਤੋਂ ਬਾਅਦ ਮੁੱਖ ਮੰਤਰੀ ਵਲੋਂ ਇਸ ਮਾਮਲੇ ਸਬੰਧੀ ਆਈ ਜੀ ਬਾਰਡਰ ਰੇਂਜ ਅੰਮ੍ਰਿਤਸਰ ਨੂੰ ਜਲਦ ਤੋਂ ਜਲਦ ਇਸ ਮਾਮਲੇ ਚ ਕਾਰਵਾਈ ਕਰਨ ਦੀ ਗੱਲ ਕਹੀ ਗਈ ਸੀ।ਆਈਜੀ ਬਾਰਡਰ ਰੇਂਜ ਵਲੋਂ ਉਕਤ ਮਾਮਲੇ ਚ ਐਸਐਸਪੀ ਅੰਮ੍ਰਿਤਸਰ ਦਿਹਾਤੀ ਨੂੰ ਜਲਦ ਤੋਂ ਜਲਦ ਇਸ ਮਾਮਲੇ ਚ ਨਾਮਜ਼ਦ ਮਹਿਲਾ ਸਬ ਇੰਸਪੈਕਟਰ ਨੂੰ ਗ੍ਰਿਫਤਾਰ ਕਰਨ ਲਈ ਕਿਹਾ ਗਿਆ ਹੈ।ਜਿਸ ਸਬੰਧੀ ਆਪਣੀ ਜਾਂਚ ਤੇਜ ਕਰਦੇ ਹੋਏ ਅੱਜ ਐਸਐਸਪੀ ਅੰਮ੍ਰਿਤਸਰ ਦਿਹਾਤੀ ਸ਼੍ਰੀ ਧਰੁਵ ਦਹੀਆ (ਆਈਪੀਐਸ) ਵਲੋਂ ਪੱਤਰਕਾਰਾਂ ਨੂੰ ਦਿੱਤੀ ਜਾਣਕਾਰੀ ਵਿੱਚ ਦੱਸਿਆ ਗਿਆ ਕਿ ਬੀਤੇ ਦਿਨ੍ਹੀ ਵਾਪਰੇ ਦੋਹਰੇ ਆਤਮਹੱਤਿਆ ਮਾਮਲੇ ਵਿੱਚ ਕਥਿਤ ਦੋਸ਼ੀ ਸਬ ਇੰਸਪੈਕਟਰ ਸੰਦੀਪ ਕੌਰ ਖਿਲਾਫ ਥਾਣਾ ਜੰਡਿਆਲਾ ਵਿਖੇ ਮੁਕੱਦਮਾ ਨੰ. 349 ਮਿਤੀ 11-10-2020 ਜੁਰਮ 306, 120-ਬੀ ਆਈ.ਪੀ.ਸੀ ਦੇ ਤਹਿਤ ਦਰਜ ਰਜਿਸਟਰ ਕੀਤਾ ਗਿਆ ਸੀ, ਜਿਸ ਵਿੱਚ ਕਥਿਤ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ।ਜਿਸ ਦੀ ਭਾਲ ਵਿੱਚ ਵੱਖ-ਵੱਖ ਰੇਡ ਟੀਮਾਂ ਦੁਆਰਾ ਲਗਾਤਾਰ ਰੇਡ ਕੀਤੇ ਜਾ ਰਹੇ ਹਨ ਅਤੇ ਤਫਤੀਸ਼ ਲਗਾਤਾਰ ਜਾਰੀ ਹੈ।ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਕਥਿਤ ਦੋਸ਼ੀ ਨੂੰ ਕਾਨੂੰਨ ਤੋਂ ਬਚਾਉਣ ਲਈ ਤਿੰਨ ਵਿਅਕਤੀਆਂ ਦੁਆਰਾ ਉਸ ਦੀ ਕਥਿਤ ਮਦਦ ਕੀਤੀ ਗਈ ਹੈ।ਜਿਸ ਵਿੱਚ ਕਥਿਤ ਦੋਸ਼ੀ ਸਿਪਾਹੀ ਗਗਨਦੀਪ ਸਿੰਘ ਉਰਫ ਗੁਰਬੀਰ ਸਿੰਘ ਵਾਸੀ ਅਜਨਾਲਾ ਰੋਡ, ਕਥਿਤ ਦੋਸ਼ੀ ਸੁਖਜੀਤ ਸਿੰਘ ਵਾਸੀ ਪਿੰਡ ਅਜੈਬਵਾਲੀ ਅਤੇ ਕਥਿਤ ਦੋਸ਼ੀ ਕੁਲਵਿੰਦਰ ਸਿੰਘ ਵਾਸੀ ਛੀਨਾ ਖਿਲਾਫ ਥਾਣਾ ਜੰਡਿਆਲਾ ਵਿਖੇ ਮੁਕੱਦਮਾ ਨੰ.360 ਜੁਰਮ 212,216 ਆਈ.ਪੀ.ਸੀ ਤਹਿਤ ਦਰਜ ਰਜਿਸਟਰ ਕੀਤਾ ਗਿਆ ਹੈ।ਸ਼੍ਰੀ ਧਰੁਵ ਦਹੀਆ ਨੇ ਦੱਸਿਆ ਕਿ ਉਨ੍ਹਾਂ ਦੁਆਰਾ ਪਹਿਲਾ ਹੀ ਸਬ ਇੰਸਪੈਕਟਰ ਸੰਦੀਪ ਕੌਰ ਨੂੰ ਗ੍ਰਿਫਤਾਰ ਕਰਨ ਵਿੱਚ ਲਾਪਰਵਾਹੀ ਵਰਤਣ ਕਾਰਨ ਸ਼੍ਰੀ ਸੁਖਵਿੰਦਰਪਾਲ ਸਿੰਘ ਡੀਐਸਪੀ ਜੰਡਿਆਲਾ ਖਿਲਾਫ ਵਿਭਾਗੀ ਜਾਂਚ ਦੇ ਆਦੇਸ਼ ਅਤੇ ਇੰਸਪੈਕਟਰ ਸਤਪਾਲ ਸਿੰਘ ਮੁੱਖ ਅਫਸਰ ਥਾਣਾ ਮਹਿਤਾ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।ਸੀਨੀਅਰ ਕਪਤਾਨ ਅੰਮ੍ਰਿਤਸਰ ਦਿਹਾਤੀ ਨੇ ਕਿਹਾ ਕਿ ਉਨ੍ਹਾਂ ਦਾ ਰੁੱਖ ਇਸ ਸਾਰੇ ਮਾਮਲੇ ਤੇ ਬੇਹੱਦ ਸਖਤ ਹੈ ਅਤੇ ਇਸ ਮਾਮਲੇ ਦੀ ਤਫਤੀਸ਼ ਨੁੰ ਤੇਜ ਕਰਨ ਲਈ ਉਨ੍ਹਾਂ ਵੱਲੋ ਸ਼੍ਰੀ ਗੋਰਵ ਤੂਰਾ ਐਸ.ਪੀ (ਡੀ) ਦੀ ਅਗਵਾਈ ਵਿੱਚ ਤਿੰਨ ਮੈਂਬਰੀ ਇੱਕ ਐਸ.ਆਈ.ਟੀ ਟੀਮ ਦਾ ਗਠਨ ਕੀਤਾ ਗਿਆ ਹੈ, ਜੋ ਜਲਦ ਤੋਂ ਜਲਦ ਆਪਣੀ ਰਿਪੋਰਟ ਉਨਾਂ ਨੂੰ ਪੇਸ਼ ਕਰਨਗੇ ਅਤੇ ਇਸ ਦੇ ਨਾਲ ਹੀ ਉਹ ਆਪ ਇਸ ਸਾਰੇ ਮਾਮਲੇ ਨੂੰ ਦੇਖ ਰਹੇ ਹਨ ਅਤੇ ਮਾਮਲੇ ਵਿੱਚ ਨਾਮਜ਼ਦ ਕਥਿਤ ਦੋਸ਼ੀ ਮਹਿਲਾ ਸਬ ਇੰਸਪੈਕਟਰ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।