BREAKING देश पंजाब मनोरंजन राजनीती राज्य होम

ਵਿਦੇਸ਼ ਤੋਂ ਸਿੱਧੇ ਕਿਸਾਨਾਂ ਦੀ ਹਮਾਇਤ ਤੇ ਕਿਸਾਨੀ ਅੰਦੋਲਨ ‘ਚ ਪੁੱਜੇ ਦਿਲਜੀਤ ਦੋਸਾਂਝ

ਵਿਦੇਸ਼ ਤੋਂ ਸਿੱਧੇ ਕਿਸਾਨਾਂ ਦੀ ਹਮਾਇਤ ਤੇ ਕਿਸਾਨੀ ਅੰਦੋਲਨ ‘ਚ ਪੁੱਜੇ ਦਿਲਜੀਤ ਦੋਸਾਂਝ, ਕਿਹਾ ਹਰ ਸਾਹ ਵਿੱਚ ਪੰਜਾਬ ਵੱਸਦਾ

ਅੰਦੋਲਨ ਦੌਰਾਨ ਸ਼ਹੀਦ ਪਰਿਵਾਰਾਂ ਲਈ ਕੀਤਾ ਵੱਡੀ ਮਦਦ ਦਾ ਐਲਾਨ

ਦਿੱਲੀ, ਅੰਮ੍ਰਿਤਸਰ-05 ਦਸੰਬਰ-(ਪੀ.ਐਸ ਸਦਿਉੜਾ) : ਕੇਂਦਰੀ ਬਿੱਲਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਜਿੱਥੇ ਹਰ ਵਰਗ ਨਾਲ ਜੁੜੇ ਲੋਕਾਂ ਦੇ ਵੱਡੇ ਕਾਫਿਲੇ ਸ਼ਮੂਲੀਅਤ ਕਰ ਰਹੇ ਹਨ, ਉੱਥੇ ਹੀ ਉਕਤ ਅੰਦੋਲਨ ਵਿੱਚ ਪੰਜਾਬ ਭਰ ਦੇ ਗਾਇਕ ਵੀ ਆਪਣੀ ਹਾਜਰੀ ਦਰਜ ਕਰਵਾ ਰਹੇ ਹਨ, ਅੱਜ ਦਿੱਲੀ ਦੇ ਸਿੰਗੂ ਬਾਰਡਰ ਤੇ ਪ੍ਰਸਿੱਧ ਅਦਾਕਾਰ ਅਤੇ ਗਾਇਕ ਦਿਲਜੀਤ ਦੁਸਾਂਝ ਵੀ ਅਮਰੀਕਾ ਤੋਂ ਸਿੱਧੇ ਭਾਰਤ ਪੁੱਜ ਕੇ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋਏ।ਸਟੇਜ ਤੋਂ ਸੰਬੋਧਨ ਦੌਰਾਨ ਅਦਾਕਾਰ ਦਿਲਜੀਤ ਨੇ ਸਮੂਹ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਕਿਹਾ ਕਿ ਪੰਜਾਬੀ ਚਾਹੇ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਵੱਸਦੇ ਹੋਣ ਪਰ ਉਨ੍ਹਾਂ ਦਾ ਦਿਲ ਹਮੇਸ਼ਾਂ ਪੰਜਾਬ ਵਿੱਚ ਅਤੇ ਪੰਜਾਬ ਹਰ ਸਾਹ ਵਿੱਚ ਵੱਸਦਾ ਹੈ।ਉਨ੍ਹਾਂ ਕਿਹਾ ਕਿ ਉਹ ਇੱਥੇ ਸਟੇਜ ਤੇ ਸਿਰਫ ਸਮੂਹ ਕਿਸਾਨਾਂ ਜੱਥੇਬੰਦੀਆਂ, ਅੰਦੋਲਨਕਾਰੀਆਂ ਦਾ ਧੰਨਵਾਦ ਕਰ ਉਨ੍ਹਾਂ ਨੂੰ ਸੁਣਨ ਲਈ ਪੁੱਜੇ ਹਨ, ਇਸ ਦੇ ਨਾਲ ਹੀ ਉਨ੍ਹਾਂ ਸ਼ਹੀਦ ਪਰਿਵਾਰਾਂ ਲਈ ੨੦ ਲੱਖ ਰੁਪੈ ਮਦਦ ਦਾ ਐਲਾਨ ਕੀਤਾ।ਜਿਸ ਤੋਂ ਬਾਅਦ ਉਹ ਅੰਦੋਲਨਕਾਰੀਆਂ ਵਿੱਚ ਹੇਠਾਂ ਬੈਠ ਸਟੇਜ ਤੋਂ ਬੁਲਾਰਿਆਂ ਨੂੰ ਸੁਣਨ ਉਪਰੰਤ ਵਾਪਿਸ ਰਵਾਨਾ ਹੋਏ।ਜਿਕਰਯੋਗ ਹੈ ਕਿ ਬੀਤੇ ਦਿਨ੍ਹੀਂ ਫਿਲਮੀ ਅਦਾਕਾਰਾ ਕੰਗਨਾ ਰਣੌਤ ਵਲੋਂ ਅੰਦੋਲਨ ਵਿੱਚ ਸ਼ਾਮਿਲ ਇੱਕ ਬਜੁਰਗ ਬੇਬੇ ਜੀ ਬਾਰੇ ਕੀਤੇ ਟਵੀਟ ਤੋਂ ਬਾਅਦ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ, ਹਾਲਾਂਕਿ ਬਾਅਦ ਵਿੱਚ ਉਕਤ ਅਦਾਕਾਰਾ ਵਲੋਂ ਇਹ ਟਵੀਟ ਆਪਣੇ ਟਵਿੱਟਰ ਹੈਂਡਲ ਤੋਂ ਹਟਾ ਦਿੱਤਾ ਗਿਆ ਸੀ, ਪਰ ਅਦਾਕਾਰਾ ਦੇ ਇਸ ਟਵੀਟ ਦਾ ਵਿਰੋਧ ਲਗਾਤਾਰ ਜਾਰੀ ਹੈ।ਇਸ ਵਿਰੋਧ ਦੌਰਾਨ ਹੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਵਲੋਂ ਕਿਸਾਨਾਂ ਦੇ ਹੱਕ ਵਿੱਚ ਉਕਤ ਬਜੁਰਗ ਬੇਬੇ ਬਾਰੇ ਲਿਖੇ ਸ਼ਬਦਾਂ ਤੇ ਇਤਰਾਜ ਪ੍ਰਗਟਾ ਕੇ ਅਦਾਕਾਰਾ ਦੀ ਇਸ ਹਰਕਤ ਤੇ ਟਵੀਟ ਰਾਂਹੀ ਜਵਾਬ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਗਾਇਕ ਦਿਲਜੀਤ ਅਤੇ ਅਦਾਕਾਰਾ ਕੰਗਨਾ ਰਣੌਤ ਦੀ ਟਵਿੱਟਰ ਵਾਰ ਦੀ ਵੀ ਕਾਫੀ ਚਰਚਾ ਰਹੀ ਹੈ।