BREAKING Crime our team पंजाब राजनीती राज्य होम

ਡੀਏਪੀ ਖਾਦ ਅਤੇ ਕਪਾਹ ਬੀਜਾਂ ਦੇ ਵਧਾਏ ਭਾਅ ਖਿਲਾਫ ਕਿਸਾਨਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਦੀ ਫੂਕੀ ਅਰਥੀ

13 ਅਪ੍ਰੈਲ ਨੂੰ ਜਲਿਆਂ ਵਾਲਾ ਬਾਗ ਵਿੱਚ ਕਿਸਾਨ ਦੇਣਗੇ ਸ਼ਹੀਦਾਂ ਨੂੰ ਸ਼ਰਧਾਂਜਲੀ

ਅੰਮ੍ਰਿਤਸਰ-10 ਅਪ੍ਰੈਲ-(ਬਿਊਰੋ, ਰਾਏ) :  ਡੇ.ਏ.ਪੀ ਖਾਦ, ਕਪਾਹ ਬੀਜਾਂ ਵਿੱਚ ਕੀਤੇ ਵਾਧੇ, ਕਣਕ ਦੀ ਖਰੀਦ ਵਿੱਚ ਲਾਈਆਂ ਜਾ ਰਹੀਆਂ ਸ਼ਰਤਾਂ ਤੇ ਪੰਜਾਬ ਸਰਕਾਰ ਵਲੋਂ ਕੇਂਦਰ ਅੱਗੇ ਕਣਕ ਦੀ ਖਰੀਦ ਨੂੰ ਲੈ ਕੇ ਸਹੀ ਪੱਖ ਨਾਂ ਰੱਖਣ ਦੇ ਵਿਰੋਧ ਵਿੱਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ ਅਤੇ ਚੱਬਾ ਵਿਖੇ ਅੰਮ੍ਰਿਤਸਰ ਫਿਰੋਜ਼ਪੁਰ ਰੋਡ ਜਾਮ ਕਰਕੇ ਕੇਂਦਰ ਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ।ਇਸ ਤੋਂ ਇਲਾਵਾ ਕਿਸਾਨ ਆਗੂਆਂ ਵਲੋਂ 18 ਅਪ੍ਰੈਲ ਨੂੰ ਦਾਣਾ ਮੰਡੀ ਭਗਤਾਂ ਵਾਲੇ ਦੀ ਮਹਾਂ ਰੈਲੀ ਦੀਆਂ ਤਿਆਰੀਆਂ ਦਾ ਜਾਇਜਾ ਲਿਆ ਗਿਆ ਹੈ।
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਰਨਲ ਸਕੱਤਰ ਸਰਵਣ ਸਿੰਘ ਪੰਧੇਰ, ਜਿਲ੍ਹਾ ਅੰਮ੍ਰਿਤਸਰ ਪ੍ਰਧਾਨ ਲਖਵਿੰਦਰ ਸਿੰਘ ਵਰਿਆਮਨੰਗਲ ਅਤੇ ਦਫਤਰ ਸਕੱਤਰ ਗੁਰਬਚਨ ਸਿੰਘ ਚੱਬਾ ਨੇ ਸਾਂਝੇ ਤੌਰ ਤੇ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਵਿਤਕਰੇ ਦੀ ਭਾਵਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਡੀਏਪੀ ਦੀ ਖਾਦ ਦੀ ਬੋਰੀ ਵਿੱਚ 700 ਰੁਪਏ ਪ੍ਰਤੀ ਬੋਰੀ ਵਾਧਾ ਕੀਤਾ ਗਿਆ ਹੈ, ਜੋ ਅਸਹਿ ਹੈ, ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸਰਕਾਰ ਨੇ ਕਪਾਹ ਦੇ ਬੀਜਾਂ ਵਿੱਚ ਪ੍ਰਤੀ ਪੈਕਟ 35 ਰੁਪਏ ਵਾਧਾ ਕੀਤਾ ਸੀ, ਜੋ ਕਿ ਨਿੰਦਨਯੋਗ ਹੈ।ਉਨ੍ਹਾਂ ਕਿਹਾ ਕਿ
ਕਣਕ ਦੀ ਖਰੀਦ ਵਿੱਚ ਕੇਂਦਰ ਵਲੋਂ ਬੇਲੋੜੀਆਂ ਸ਼ਰਤਾਂ ਜਿਵੇਂ ਕਿ ਕਿਸਾਨਾਂ ਕੋਲੋਂ ਫਰਦ ਲੈਣਾ, ਛੇ ਮਹੀਨੇ ਲਈ ਪੇਮੈਂਟ ਬੈਨ ਕਰਨਾ, ਬਦਰੰਗੇ ਅਤੇ ਟੋਟੇ ਕਾਲੇ ਦਾਣੇ ਵਿੱਚ 50% ਕਟੌਤੀ ਕਰਨ ਦੀ ਗੱਲ ਕਿਸਾਨ ਵਿਰੋਧ ਕਰਦੇ ਹਨ।
ਇਸ ਦੇ ਇਲਾਵਾ ਪੰਜਾਬ ਸਰਕਾਰ ਵਲੋਂ ਦੋਹਰੀ ਨੀਤੀ ਅਪਨਾਉਂਦੇ ਹੋਏ ਕੇਂਦਰ ਸਰਕਾਰ ਕੋਲ ਕਿਸਾਨਾਂ ਨੂੰ ਮੰਡੀ ਵਿੱਚ ਆ ਰਹੀਆਂ ਸਮੱਸਿਆਵਾਂ, ਕਣਕ ਦੀ ਖਰੀਦ ਕਰਕੇ ਦੇਣ ਦੇ ਸੰਵਿਧਾਨਕ ਹੱਕ ਅਤੇ ਏਪੀਐਮਸੀ ਐਕਟ ਮੁਤਾਬਕ ਕੇਂਦਰ ਕੋਲ ਸਹੀ ਪੱਖ ਰੱਖਣ ਦੀ ਬਜਾਏ ਸਗੋਂ ਸਿੱਧੀ ਅਦਾਇਗੀ ਲਈ ਕੇਂਦਰ ਨਾਲ ਸਹਿਮਤ ਹੋਈ ਹੈ ਅਤੇ ਕੇਂਦਰ ਸਰਕਾਰ ਸਾਜਿਸ਼ ਦੇ ਤਹਿਤ ਕਿਸਾਨਾਂ ਆੜ੍ਹਤੀਆਂ ਵਿੱਚ ਫੁੱਟ ਪਾਉਣ ਦਾ ਯਤਨ ਕਰ ਰਿਹਾ ਹੈ, ਜਿਸ ਵਿੱਚ ਉਸ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।

ਰੋਸ ਪ੍ਰਦਰਸ਼ਨ ਉਪਰੰਤ ਜਿਲ੍ਹਾ ਅੰਮ੍ਰਿਤਸਰ ਕਮੇਟੀ ਨੇ ਚੱਬਾ ਵਿਖੇ ਮੀਟਿੰਗ ਕਰਕੇ 18 ਅਪ੍ਰੈਲ ਨੂੰ ਦਾਣਾ ਮੰਡੀ ਭਗਤਾਂ ਵਾਲਾ ਵਿਖੇ ਕੀਤੀ ਜਾਣ ਵਾਲੀ ਮਹਾਂ ਰੈਲੀ ਦੀ ਤਿਆਰੀਆਂ ਦਾ ਜਾਇਜਾ ਲਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ 11 ਨੂੰ ਰਾਮਤੀਰਥ ਅਤੇ 12 ਨੂੰ ਕੱਥੂਨੰਗਲ ਵਿਖੇ ਬੀਬੀਆਂ ਦਾ ਹਜਾਰਾਂ ਦੀ ਇਕੱਠ ਕਰਕੇ ਉਨ੍ਹਾਂ ਦੀ ਵਰਕਸ਼ਾਪ ਲਾਉਣ ਅਤੇ 13 ਅਪ੍ਰੈਲ ਨੂੰ ਜਲ੍ਹਿਆਂ ਵਾਲੇ ਬਾਗ ਦੇ ਸਹੀਦਾਂ ਦੀ ਯਾਦ ਵਿੱਚ ਬੀਬੀਆਂ ਦਾ ਵੱਡਾ ਇਕੱਠ ਕਰਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣ ਦੀ ਗੱਲ ਕਹੀ ਹੈ।