BREAKING देश पंजाब राज्य होम

ਅੰਦੋਲਨਾਂ ਵਿੱਚ ਸ਼ਰਾਰਤੀ ਤੱਤ ਖੜੇ ਕਰ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ –ਸੂਬਾ ਸਕੱਤਰ ਪੰਧੇਰ

ਰੇਲ ਲਾਈਨਾਂ ਤੇ ਟਰੈਕਟਰ ਖੜੇ ਕਰ ਕਿਸਾਨਾਂ ਕੀਤਾ ਪ੍ਰਦਰਸ਼ਨ
ਅੰਮ੍ਰਿਤਸਰ-13 ਅਕਤੂਬਰ-(ਪ੍ਰਿੰਸ ਬਿਆਸ) : ਦਿੱਲੀ ਅੰਮ੍ਰਿਤਸਰ ਮੁੱਖ ਰੇਲ ਮਾਰਗ ਤੇ ਦੇਵੀਦਾਸਪੁਰਾ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਰੇਲ ਰੋਕੋ ਅੰਦੋਲਨ ੨੦ਵੇਂ ਦਿਨ ਵਿੱਚ ਦਾਖਲ ਹੋ ਜਮਹੂਰੀ ਤਰੀਕੇ ਨਾਲ ਅੱਗੇ ਵੱਧਦਾ ਜਾ ਰਿਹਾ ਹੈ ਅਤੇ ਨਿੱਤ ਦਿਨ ਵੱਡੇ ਕਾਫਿਲੇ ਇਸ ਅੰਦੋਲਨ ਵਿੱਚ ਸ਼ਮੂਲੀਅਤ ਕਰ ਆਪਣੀ ਆਵਾਜ ਬੁਲੰਦ ਕਰ ਰਹੇ ਹਨ।ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਸੂਬਾ ਜਨ: ਸਕੱਤਰ ਸਰਵਣ ਸਿੰਘ ਪੰਧੇਰ, ਸਵਿੰਦਰ ਸਿੰਘ ਚੁਤਾਲਾ, ਸੁਖਵਿੰਦਰ ਸਿੰਘ ਸਭਰਾਂ, ਗੁਰਬਚਨ ਸਿੰਘ ਚੱਬਾ ਆਦਿ ਕਿਸਾਨ ਆਗੂਆਂ ਨੇ ਕਿਹਾ ਕਿ ਲੋਕਾਂ ਵਿੱਚ ਅੰਦੋਲਨ ਪ੍ਰਤੀ ਹਮਦਰਦੀ ਨੂੰ ਖਤਮ ਕਰਨ ਲਈ ਅੰਦੋਲਨ ਵਿੱਚ ਕਥਿਤ ਤੌਰ ਤੇ ਸ਼ਰਾਰਤੀ ਤੱਤ ਵਾੜ ਕੇ ਹਿੰਸਾ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ ਤੇ ਇਸਦੇ ਨਾਲ ਹੀ ਭਾਰਤੀ ਹਾਕਮ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਵੀ ਯਤਨ ਕਰ ਰਹੇ ਹਨ।ਪ੍ਰਚਾਰ ਮਾਧਿਅਮ ਰਾਂਹੀ ਸੰਘਰਸ਼ਾਂ ਵਿੱਚ ਫੁੱਟ ਸਾਬਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਕਿਉਂਕਿ ਕਿਸਾਨ ਅੰਦੋਲਨ ਪੂਰੀ ਤਰਾਂ ਕੇਂਦਰ ਦੀ ਨੀਂਦ ਉਡਾ ਚੁੱਕਾ ਹੈ, ਜਿਸ ਲਈ ਇਸ ਅੰਦੋਲਨ ਨੂੰ ਲੀਹੋਂ ਲਾਹੁਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਭਾਜਪਾ ਦੇ ਆਗੂ ਤਰੁਣ ਚੁੱਘ ਦੇ ਬਿਆਨ ਪੰਜਾਬ ਦੇ ਅਮਨ ਨੂੰ ਲਾਬੂੰ ਲਾਉਣ ਵਾਲੇ ਹਨ, ਰੇਲਵੇ ਲਾਈਨਾਂ ਉੱਤੇ ਟਰੈਕਟਰ ਖੜੇ ਕਰਕੇ ਕਿਸਾਨ ਆਗੂਆਂ ਨੇ ਕਿਹਾ ਕਿ ਜਦ ਮੋਦੀ ਸਰਕਾਰ ਵੱਲੋ ਸਾਡੀਆਂ ਜ਼ਮੀਨਾਂ ਉੱਤੇ ਕਾਰਪੋਰੇਟਾਂ ਦੇ ਕਬਜ਼ੇ ਕਰਵਾ ਕੇ ਵੱਡੇ ਫਾਰਮਾਂ ਵਿੱਚ ਤਬਦੀਲ ਕਰ ਦੇਣੀਆਂ ਹਨ ਤਾਂ ਅਸੀ ਟਰੈਕਟਰ ਕਿੱਥੇ ਚਲਾਵਾਂਗੇ।ਜਿਸ ਕਰਕੇ ਅੱਜ ਰੇਲਵੇ ਟਰੈਕਾਂ ਤੇ ਕਿਸਾਨਾਂ ਵੱਲੋ ਟਰੈਕਟਰ ਖੜੇ ਕਰਕੇ ਟਰੈਕਟਰ ਅੰਦੋਲਨ ਕੀਤਾ ਗਿਆ।ਉਨ੍ਹਾਂ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਨੂੰ ਉਕਸਾਉਣ, ਭੜਕਾਉਣ ਦੇ ਯਤਨ ਹੋ ਰਹੇ ਹਨ ਅਤੇ 23 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਕਾਰਪੋਰੇਟ ਘਰਾਣਿਆਂ ਦੇ ਅਰਥੀ ਫੂਕ ਮੁਜਾਹਰੇ ਅੰਮ੍ਰਿਤਸਰ ਵਿੱਚ ਰਣਜੀਤ ਐਵੀਨਿਉ ਵਿਖੇ ਅਤੇ 25 ਅਕਤੂਬਰ ਨੂੰ ਪਿੰਡ ਪੱਧਰੀ ਪ੍ਰੋਗਰਾਮ ਕੀਤੇ ਜਾਣਗੇ।ਕਿਸਾਨ ਆਗੂਆਂ ਨੇ ਬੇਅਦਬੀ ਦੀਆਂ ਘਟਨਾਵਾਂ ਦੀ ਨਿੰਦਾ ਕੀਤੀ ਤੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਕੀਤੀ ਤੇ ਇਸ ਦੇ ਨਾਲ ਹੀ ਗੁਰੂ ਸਾਹਿਬ ਦੇ ਸਰੂਪਾਂ ਦੀ ਰਾਖੀ ਆਪ ਕਰਨ ਲਈ ਸੰਗਤਾਂ ਨੂੰ ਅਪੀਲ ਕੀਤੀ ਹੈ।ਇਸ ਮੌਕੇ ਮੰਗਜੀਤ ਸਿੰਘ ਸਿੱਧਵਾਂ, ਅਮਰਦੀਪ ਸਿੰਘ ਗੋਪੀ, ਦਿਆਲ ਸਿੰਘ ਮੀਆਂਵਿੰਡ, ਹਰਬਿੰਦਰ ਸਿੰਘ ਕੰਗ, ਜਵਾਹਰ ਸਿੰਘ ਟਾਂਡਾ, ਫਤਿਹ ਸਿੰਘ ਪਿੱਦੀ, ਅਜੀਤ ਸਿੰਘ ਚੰਬਾ, ਇਕਬਾਲ ਸਿੰਘ ਵੜਿੰਗ, ਲਖਬੀਰ ਸਿੰਘ ਵੈਰੋਵਾਲ, ਲਖਵਿੰਦਰ ਸਿੰਘ ਪਲਾਸੌਰ, ਕੁਲਵੰਤ ਸਿੰਘ ਭੈਲ ਆਦਿ ਸੰਬੋਧਨ ਕਰਤਾਵਾਂ ਤੋਂ ਇਲਾਵਾ ਕਿਸਾਨ ਆਗੂ ਹਾਜ਼ਰ ਸਨ।