BREAKING UP उत्तर प्रदेश देश पंजाब बिहार मध्य प्रदेश राजनीती राज्य हिमाचल प्रदेश होम

ਪੁੱਤ ਦੀ ਸ਼ਹਾਦਤ ਨੂੰ ਸਲਾਮ ਕਰਦਿਆਂ ਭੁੱਬਾਂ ਮਾਰ ਰੋਇਆ ਸ਼ਹੀਦ ਜਵਾਨ ਦਾ ਪਿਤਾ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

ਬੀਐਸਐਫ ਦੇ ਸ਼ਹੀਦ ਜਵਾਨ ਰੇਸ਼ਮ ਸਿੰਘ ਦੇ ਅੰਤਿਮ ਸਸਕਾਰ ਮੌਕੇ ਉਮੜਿਆ ਜਨ ਸੈਲਾਬ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

ਪੂਰੇ ਪਿੰਡ ਵਿੱਚੋਂ ਸ਼ਹੀਦ ਰੇਸ਼ਮ ਸਿੰਘ ਇਕੱਲਾ ਹੀ ਜਵਾਨ ਸੀ ਭਾਰਤੀ ਫੌਜ ਵਿੱਚ ਭਰਤੀ

ਬਿਆਸ-05 ਫਰਵਰੀ-(ਪ੍ਰਿੰਸ ਬਿਆਸ) : ਸਰੱਹਦਾਂ ਤੇ ਦੇਸ਼ ਦੀ ਰੱਖਿਆ ਕਰਨ ਵਾਲੇ ਸੂਰਮਿਆਂ ਦੀ ਬਹਾਦਰੀ ਅਤੇ ਦੇਸ਼ ਪ੍ਰਤੀ ਸੇਵਾ ਸਦਕਾ ਹੀ ਹਰ ਭਾਰਤੀ ਨਾਗਰਿਕ ਆਰਾਮ ਦੀ ਨੀਂਦ ਸੋਂਦਾ ਹੈ ਪਰ ਜਦ ਕਿਸੇ ਮਾਂ ਦਾ ਪੁੱਤ ਬਾਰਡਰ ਤੇ ਸ਼ਹੀਦੀ ਦਾ ਜਾਮ ਪੀਂਦਾ ਹੈ ਤਾਂ ਪਰਿਵਾਰਕ ਮੈਂਬਰਾਂ ਦਾ ਇਹ ਦੁੱਖ ਦਿਲ ਨੂੰ ਝੰਜੋੜ ਕੇ ਰੱਖ ਦਿੰਦਾ ਹੈ ਪਰ ਇਹ ਵੀ ਸੱਚ ਹੈ ਕਿ ਦੇਸ਼ ਸੇਵਾ ਵਿੱਚ ਜਾਨ ਵਾਰਨ ਵਾਲੇ ਸ਼ਹੀਦਾਂ ਦੀਆਂ ਕੁਰਬਾਨੀਆਂ ਕਦੇ ਅਜਾਂਈ ਨਹੀਂ ਜਾਂਦੀਆਂ।ਜਿਕਰਯੋਗ ਹੈ ਕਿ ਬਿਆਸ ਦੇ ਨੇੜਲੇ ਪਿੰਡ ਗੁਰੂਨਾਨਕਪੁਰਾ ਦੇ ਵਸਨੀਕ ਜਵਾਨ ਰੇਸ਼ਮ ਸਿੰਘ ਪੁੱਤਰ ਰਾਜੂ ਬਾਰਡਰ ਸਕਿਉਰਟੀ ਫੋਰਸ (31 ਡੀ.ਐਨ) ਵਿੱਚ ਤ੍ਰਿਪੁਰਾ ਵਿਖੇ ਡਿਊਟੀ ਤੇ ਤੈਨਾਤ ਸਨ ਕਿ ਡਿਊਟੀ ਦੌਰਾਨ ਇੱਕ ਟਾਵਰ ਤੋਂ ਅਚਾਨਕ ਡਿੱਗ ਜਾਣ ਕਾਰਣ ਉਹ ਸ਼ਹੀਦ ਹੋ ਗਏ।ਤਿਰੰਗੇ ਵਿੱਚ ਲਿਪਟੀ ਸ਼ਹੀਦ ਰੇਸ਼ਮ ਸਿੰਘ ਦੀ ਮ੍ਰਿਤਕ ਦੇਹ ਅੱਜ ਪਿੰਡ ਗੁਰੂਨਾਨਕਪੁਰਾ ਪੁੱਜਣ ਤੇ ਹਰ ਤਰਫ ਗਮਗੀਨ ਮਾਹੌਲ ਸੀ, ਸ਼ਹੀਦ ਰੇਸ਼ਮ ਸਿੰਘ ਦੀ ਮਾਤਾ ਭੋਲੀ ਅਤੇ ਭੈਣ ਸਮੇਤ ਪਰਿਵਾਰਕ ਮੈਂਬਰਾਂ ਦਾ ਵਿਰਲਾਪ ਦੇਖਿਆ ਨਹੀਂ ਜਾ ਰਿਹਾ ਸੀ।ਸ਼ਹੀਦ ਰੇਸ਼ਮ ਸਿੰਘ ਨੂੰ ਸਲਾਮੀ ਦੇਣ ਲਈ ਬੀਐਸਐਫ ਦੇ ਅਫਸਰ ਸਮੇਤ ਜਵਾਨਾਂ ਦੇ ਪੁੱਜੇ ਅਤੇ ਭਾਰਤ ਮਾਤਾ ਦੀ ਜੈ ਦੇ ਜੈਕਾਰੇ ਲਗਾਉਂਦੇ ਹੋਏ ਸ਼ਹੀਦ ਰੇਸ਼ਮ ਸਿੰਘ ਦੀ ਮ੍ਰਿਤਕ ਦੇਹ ਨੂੰ ਸ਼ਮਨਸ਼ਾਨਘਾਟ ਵਿਖੇ ਫੁੱਲਾਂ ਦੀ ਵਰਖਾ ਕਰਦੇ ਹੋਏ ਸ਼ਾਨ ਨਾਲ ਲਿਜਾਇਆ ਗਿਆ।ਅੰਤਿਮ ਰਸਮਾਂ ਮੌਕੇ ਬੀਐਸਐਫ ਦੀ ਟੁਕੜੀ ਵਲੋਂ ਸ਼ਹੀਦ ਰੇਸ਼ਮ ਸਿੰਘ ਨੂੰ ਸਲਾਮੀ ਭੇਂਟ ਕੀਤੀ ਗਈ। ਇਸ ਦੁੱਖ ਦੀ ਘੜੀ ਵਿੱਚ ਪੰਜਾਬ ਸਰਕਾਰ ਤਰਫੋਂ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਤੋਂ ਇਲਾਵਾ ਇਲਾਕੇ ਭਰ ਵੱਖ ਵੱਖ ਰਾਜਨੀਤਿਕ, ਸਮਾਜ ਸੇਵਕ, ਜੱਥੇਬੰਦੀਆਂ ਸਮੇਤ ਸਮੂਹ ਸ਼ਖਸ਼ੀਅਤਾਂ ਵਲੋਂ ਸ਼ਹੀਦ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ।ਇਸ ਮੌਕੇ ਸਰਪੰਚ ਗੁਰੂਨਾਨਕਪੁਰਾ ਬੀਬੀ ਪਰਮਜੀਤ ਕੌਰ, ਸਾਬਕਾ ਬਲਾਕ ਸੰਮਤੀ ਮੈਂਬਰ ਸੇਵੀ ਰਾਮ, ਸਾਬਕਾ ਜਿਲਾ ਪ੍ਰੀਸ਼ਦ ਮੈਂਬਰ ਬਾਵਾ ਗੁਰਸ਼ਰਨ ਸਿੰਘ, ਸੁਰਜੀਤ ਸਿੰਘ ਗੁਰੂਨਾਨਕਪੁਰਾ, ਚੇਅਰਮੈਨ ਸਰਬਜੀਤ ਸਿੰਘ ਸ਼ੱਬਾ, ਮਾਨਾ ਗੁਰੂਨਾਨਕਪੁਰਾ, ਸ਼ਿਵ ਸੈਨਾ ਯੁਵਾ ਮੋਰਚਾ ਪੰਜਾਬ ਪ੍ਰਧਾਨ ਅਮਰਜੀਤ ਸਿੰਘ ਅੰਬਾ, ਪੀਏ ਜਗਦੀਪ ਸਿੰਘ ਮਾਨ, ਸਬ ਇੰਸ ਸਰਦੂਲ ਸਿੰਘ, ਮਿੰਟੀ ਰਾਮ, ਬਿੰਦੀ, ਪੱਪੂ ਰਾਮ, ਬੂਟੀ ਰਾਮ, ਚਰਨ ਸਿੰਘ, ਬਿਕਰਮਜੀਤ ਸਿੰਘ, ਬਿਆਸ ਬਾਜਾਰ ਪ੍ਰਧਾਨ ਰਾਮ ਸਰੂਪ ਗਾਰਡ, ਹਰਮਿੰਦਰਪਾਲ ਸਿੰਘ ਕਾਕਾ, ਮੋਨੂੰ ਬੁੱਢਾ ਥੇਹ, ਓਂਕਾਰ ਨਾਥ ਸ਼ਰਮਾ, ਸਾਬਕਾ ਮੈਂਬਰ ਪਵਨ ਕੁਮਾਰ, ਲਛਮਣ ਬਿਆਸ, ਬਲਵਿੰਦਰ ਸਿੰਘ ਬਿੱਲਾ, ਆਸ਼ੂ ਬਿਆਸ, ਸਤੀਸ਼ ਕੁਮਾਰ, ਮਾਨ ਬਿਆਸ, ਆਸ਼ੂ ਅੰਬਾ, ਸਰਪੰਚ ਹਰਪ੍ਰੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਭਰ ਦੇ ਲੋਕ ਹਾਜਰ ਸਨ।

ਪਿੰਡ ਦਾ ਇਕੱਲਾ ਨੌਜਵਾਨ ਹੀ ਸੀ ਫੌਜ ਚ ਭਰਤੀ : ਜਿਕਰਯੋਗ ਹੈ ਕਿ ਗੁਰੂਨਾਨਕਪੁਰਾ ਪਿੰਡ ਦੀ ਸਮੂਹ ਆਬਾਦੀ ਵਿੱਚ ਇਕੱਲਾ ਸ਼ਹੀਦ ਰੇਸ਼ਮ ਸਿੰਘ ਹੀ ਫੌਜ ਵਿੱਚ ਤੈਨਾਤ ਸੀ ਅਤੇ ਉਸ ਦੀ ਉੱਚੀ ਲੰਬੀ ਕੱਦ ਕਾਠੀ ਕਰਕੇ ਕਰੀਬ 5-6 ਸਾਲ ਪਹਿਲਾਂ ਉਸ ਨੂੰ ਪਹਿਲ ਦੇ ਅਧਾਰ ਤੇ ਭਾਰਤੀ ਫੌਜ ਵਿੱਚ ਸੇਵਾ ਕਰਨ ਦਾ ਮਾਣ ਹਾਸਿਲ ਹੋਇਆ, ਮਹਿਜ 24-25 ਸਾਲ ਦਾ ਸ਼ਹੀਦ ਰੇਸ਼ਮ ਸਿੰਘ ਇਲਾਕੇ ਦੇ ਨੌਜਵਾਨਾਂ ਲਈ ਇੱਕ ਮਿਸਾਲ ਸੀ, ਜਿਸ ਨੇ ਅਣਥੱਕ ਮਿਹਨਤ ਸਦਕਾ ਇਹ ਮੁਕਾਮ ਹਾਸਿਲ ਕੀਤਾ ਅਤੇ ਉਸ ਨੂੰ ਦੇਖ ਹੀ ਪਿੰਡ ਦੇ ਕਈ ਨੌਜਵਾਨ ਉਸ ਤੋਂ ਪ੍ਰੇਰਿਤ ਹੋ ਮਿਹਨਤ ਕਰਕੇ ਦੇਸ਼ ਸੇਵਾ ਲਈ ਭਾਰਤੀ ਫੌਜ ਭਰਤੀ ਹੋਣ ਲਈ ਤਿਆਰੀ ਕਰ ਰਹੇ ਹਨ।ਅੱਜ ਅਚਾਨਕ ਇੰਨ੍ਹਾਂ ਵੱਡਾ ਹਾਦਸਾ ਵਾਪਰਨ ਤੇ ਇਲਾਕੇ ਭਰ ਦੇ ਲੋਕਾਂ ਦਾ ਸ਼ਹੀਦ ਰੇਸ਼ਮ ਸਿੰਘ ਦੇ ਸਸਕਾਰ ਵਿੱਚ ਪੁੱਜਣਾ ਕਿਤੇ ਨਾ ਕਿਤੇ ਇਹ ਦਰਸਾਉਂਦਾ ਸੀ ਕਿ ਇਕੱਲੇ ਪਿੰਡ ਗੁਰੂਨਾਨਕਪੁਰਾ ਦਾ ਹੀ ਨਹੀਂ ਬਲਕਿ ਬਿਆਸ ਬਾਜਾਰ ਵਿੱਚ ਆਪਣੇ ਪਿਤਾ ਨਾਲ ਇੱਕ ਛੋਟੀ ਜਿਹੀ ਦੁਕਾਨ ਤੋਂ ਮਿਹਨਤ ਦੇ ਨਾਲ ਨਾਲ ਪੜਾਈ ਕਰਨ ਵਾਲਾ ਇਹ ਨੌਜਵਾਨ ਸ਼ਹੀਦ ਹਰ ਇੱਕ ਦੀ ਅੱਖ ਦਾ ਤਾਰਾ ਸੀ।