BREAKING our team पंजाब राजनीती राज्य होम

ਕੈਬਨਿਟ ਮੰਤਰੀ ਸੋਨੀ ਨੇ ਧਰਮਸ਼ਾਲਾ ਕਮੇਟੀ ਅਤੇ ਸੁਸਾਇਟੀ ਨੂੰ ਸੱਤ ਲੱਖ ਰੁਪੈ ਦੇ ਚੈੱਕ ਕੀਤੇ ਭੇਂਟ

ਕਰੋਨਾ ਵੈਕਸੀਨ ਸਬੰਧੀ ਅਫਵਾਹਾਂ ਤੋਂ ਲੋਕ ਰਹਿਣ ਸੁਚੇਤ : ਓ.ਪੀ ਸੋਨੀ

ਅੰਮ੍ਰਿਤਸਰ-(ਸੁਦਰਸ਼ਨ ਰਾਏ, ਬਿਊਰੋ) : ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਸ੍ਰੀ ਓਮ ਪ੍ਰਕਾਸ਼ ਸੋਨੀ ਵਲੋਂ ਅੱਜ ਆਪਣੇ ਗ੍ਰਹਿ ਵਿਖੇ ਮੁਲਾਕਾਤ ਦੌਰਾਨ ਇੱਕ ਧਰਮਸ਼ਾਲਾ ਕਮੇਟੀ ਅਤੇ ਇੱਕ ਸੁਸਾਇਟੀ ਨੂੰ ਵੱਖ ਵੱਖ ਰਾਸ਼ੀਆਂ ਦੇ ਚੈੱਕ ਭੇਂਟ ਕੀਤੇ ਗਏ ਹਨ।ਮੰਤਰੀ ਸ਼੍ਰੀ ਓ.ਪੀ ਸੋਨੀ ਨੇ ਦੱਸਿਆ ਕਿ ਕੇਂਦਰੀ ਵਾਲਮੀਕ ਮੰਦਿਰ ਧਰਮਸ਼ਾਲਾ ਕਮੇਟੀ ਨੂੰ ਸਾਢੇ ਚਾਰ ਲੱਖ ਰੁਪੈ (4.5) ਅਤੇ ਭਗਤ ਨਾਮਦੇਵ ਸੁਸਾਇਟੀ ਨੂੰ ਢਾਈ ਲੱਖ ਰੁਪੈ (2.5) ਦੇ ਚੈੱਕ ਭੇਂਟ ਕੀਤੇ ਗਏ ਹਨ।
ਮੰਤਰੀ ਸ਼੍ਰੀ ਸੋਨੀ ਨੇ ਕਰੋਨਾ ਵੈਕਸੀਨ ਸਬੰਧੀ ਸ਼ੋਸ਼ਲ ਮੀਡੀਆ ਤੇ ਚੱਲ ਰਹੀਆਂ ਅਫਵਾਹਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਿਹਾ ਕਿ ਅਜਿਹੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।ਕਿਉਂਕਿ ਦੁਨੀਆਂ ਭਰ ਵਿੱਚ ਕਰੋੜਾਂ ਲੋਕਾਂ ਨੇ ਕਰੋਨਾ ਤੋਂ ਬਚਣ ਲਈ ਇਹ ਟੀਕੇ ਲਗਵਾਏ ਹਨ ਅਤੇ ਇਕੱਲੇ ਅੰਮ੍ਰਿਤਸਰ ਜਿਲੇ੍ਹ ਵਿੱਚ ਹੀ 2 ਲੱਖ ਤੋਂ ਵੱਧ ਲੋਕਾਂ ਨੂੰ ਇਹ ਵੈਕਸੀਨ ਲਗਾਈ ਜਾ ਚੁੱਕੀ ਹੈ।ਉਨ੍ਹਾਂ ਕਿਹਾ ਕਿ ਅਜੇ ਤੱਕ ਇਸ ਦਾ ਕੋਈ ਮਾੜਾ ਪ੍ਰਭਾਵ ਸਾਹਮਣੇ ਨਹੀਂ ਆਇਆ ਹੈ, ਜਦ ਕਿ ਉਲਟਾ ਜਿੰਨਾਂ ਲੋਕਾਂ ਨੇ ਇਸ ਟੀਕੇ ਦੀ ਇੱਕ ਹੀ ਡੋਜ਼ ਲਈ ਸੀ ਅਤੇ ਉਨ੍ਹਾਂ ਨੂੰ ਕਿਸੇ ਕੋਲੋਂ ਕਰੋਨਾ ਦੀ ਲਾਗ ਲੱਗੀ ਹੈ ਤਾਂ ਉਹ ਵੀ ਛੇਤੀ ਤੰਦਰੁਸਤ ਹੋਏ ਹਨ, ਜਿਸ ਦਾ ਕਾਰਣ ਹੈ ਕਿ ਪਹਿਲੀ ਡੋਜ਼ ਨੇ ਉਨ੍ਹਾਂ ਦੀ ਅੰਦਰੂਨੀ ਸਰੀਰਕ ਸਮਰੱਥਾ ਵਿੱਚ ਵਾਧਾ ਕਰ ਦਿੱਤਾ ਸੀ ਅਤੇ ਉਹ ਤਿੰਨ ਦਿਨਾਂ ਦੇ ਅੰਦਰ ਅੰਦਰ ਤੰਦਰੁਸਤ ਹੋ ਗਏ ਹਨ।
ਸ੍ਰੀ ਸੋਨੀ ਨੇ ਕਿਹਾ ਕਿ 45 ਸਾਲ ਤੋਂ ਵਧੇਰੇ ਉਮਰ ਦੇ ਵਿਅਕਤੀਆਂ ਨੂੰ ਇਹ ਟੀਕਾ ਜਰੂਰ ਲਗਵਾਉਣਾ ਚਾਹੀਦਾ ਹੈ ਅਤੇ ਟੀਕਾ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਲਗਾਇਆ ਜਾ ਰਿਹਾ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਦੁਆਰਾ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ
ਬਣਾਇਆ ਜਾਵੇ ਤਾਂ ਹੀ ਇਸ ਮਹਾਂਮਾਰੀ ਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ।ਉਨ੍ਹਾਂ ਕਿਹਾ ਕਿ ਇਕੱਲੇ ਮਾਸਕ ਦੀ ਵਰਤੋਂ ਨਾਲ 80 ਫੀਸਦੀ ਇਸ ਮਹਾਂਮਾਰੀ ਤੋਂ ਬਚ ਸਕਦੇ ਹਾਂ ਅਤੇ ਭੀੜ ਭੜੱਕੇ ਵਾਲੀਆਂ ਥਾਂਵਾਂ ਤੇ ਜਾਣ ਤੋਂ ਗੁਰੇਜ ਕਰਨਾ ਚਾਹੀਦਾ ਹੈ।ਕਿਉਂਕਿ ਕੋਰੋਨਾ ਦੀ ਦੂਜੀ ਲਹਿਰ ਕਾਫੀ ਤੇਜੀ ਨਾਲ ਆਪਣੇ ਪਸਾਰ ਰਹੀ ਹੈ ਅਤੇ ਜੇਕਰ ਸਿਹਤ ਵਿਭਾਗ ਵਲੋਂ ਦਿੱਤੀਆਂ ਸਾਵਧਾਨੀਆਂ ਦੀ ਪਾਲਣਾ ਕਰੀਏ ਤਾਂ ਇਸ ਮਹਾਂਮਾਰੀ ਤੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ।